4 ਜੁਲਾਈ 1955 ਦਾ ਹਮਲਾ ਪੰਡਤ ਜਵਾਹਰ ਲਾਲ ਨਹਿਰੂ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ: ਧਾਮੀ

ਅੰਮ੍ਰਿਤਸਰ: ਭਾਰਤ ਦੀ ਅਜ਼ਾਦੀ ਲਈ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਅਜ਼ਾਦ ਭਾਰਤ ਵਿਚ ਸਮੇਂ-ਸਮੇਂ ਦਬਾਇਆ ਜਾਣਾ ਸਰਕਾਰਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ ਅਤੇ ਇਸੇ ਤਹਿਤ ਹੀ ਅਜ਼ਾਦੀ ਦੇ ਮਹਿਜ 8 ਸਾਲ ਬਾਅਦ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਸਰਕਾਰ ਵੱਲੋਂ ਹਮਲਾ ਕਰਨ ਦੀ ਘਿਨੌਣੀ ਹਰਕਤ ਕੀਤੀ ਗਈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 4 ਜੁਲਾਈ 1955 ਦੇ ਹਮਲੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਯੋਜਤ ਕੀਤੇ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਸਿੱਖਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ, ਪਰ ਦੁੱਖ ਦੀ ਗੱਲ ਹੈ ਕਿ ਸਿੱਖਾਂ ਨਾਲ ਹਮੇਸ਼ਾ ਹੀ ਦੇਸ਼ ਵਿਚ ਬੇਗਾਨਿਆਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ। 1955 ਵਿਚ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਵੀ ਅਜਿਹਾ ਹੀ ਕੀਤਾ। ਉਨ੍ਹਾਂ ਨੇ ਡੀਆਈਜੀ ਮਹਾਸ਼ਾ ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਪੁਲਿਸ ਚੜਾਅ ਕੇ ਨਾ ਸਿਰਫ਼ ਗੁਰ-ਅਸਥਾਨ ਦੀ ਬੇਅਦਬੀ ਕੀਤੀ, ਬਲਕਿ ਸਿੱਖਾਂ ਦਾ ਵੱਡਾ ਨੁਕਸਾਨ ਵੀ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰੀ ਦਮਨ ਦੀ ਇਹ ਤਸਵੀਰ ਕਾਂਗਰਸ ਦੀ ਧੱਕੇਸ਼ਾਹੀ ਦਾ ਪ੍ਰਤੱਖ ਪ੍ਰਗਟਾਵਾ ਹੈ, ਜਿਸ ਨੂੰ ਸਿੱਖ ਕੌਮ ਭੁਲਾ ਨਹੀਂ ਸਕਦੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੋਸ਼ਲ ਮੀਡੀਆ ’ਤੇ ਸਿੱਖ ਸੰਸਥਾਵਾਂ ਨੂੰ ਜਾਣਬੁਝ ਕੇ ਬਦਨਾਮ ਕਰਨ ਦੇ ਰੁਝਾਨ ’ਤੇ ਵੀ ਚਿੰਤਾ ਪ੍ਰਗਟ ਕਰਦਿਆਂ ਸਿੱਖ ਜਗਤ ਨੂੰ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਕੌਮ ਦੀ ਚੜ੍ਹਦੀ ਕਲਾ ਲਈ ਤੱਤਪਰ ਰਹਿਣ ਦੀ ਅਪੀਲ ਕੀਤੀ।

ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਸਿੱਖਾਂ ਨਾਲ ਭਾਰਤ ਵਿਚ ਹਮੇਸ਼ਾ ਹੀ ਧੱਕਾ ਹੁੰਦਾ ਰਿਹਾ ਅਤੇ ਇਸੇ ਤਹਿਤ ਹੀ ਜਦੋਂ ਬੋਲੀ ਦੇ ਅਧਾਰ ’ਤੇ ਸੂਬੇ ਬਣਾਏ ਗਏ ਤਾਂ ਉਸ ਵਕਤ ਪੰਜਾਬੀ ਸੂਬੇ ਲਈ ਇਕ ਵੱਡਾ ਸੰਘਰਸ਼ ਲੜਨਾ ਪਿਆ। ਇਸ ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਦੀ ਨੀਤੀ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ 1955 ’ਚ ਹਮਲਾ ਹੋਇਆ, ਜਿਸ ਨੇ ਸਿੱਧ ਕੀਤਾ ਕਿ ਸਿੱਖਾਂ ਨਾਲ ਅਜ਼ਾਦੀ ਸਮੇਂ ਕੀਤੇ ਵਾਅਦੇ ਬੇਮਾਅਨਾ ਸਨ। ਉਨ੍ਹਾਂ ਕਿਹਾ ਕਿ ਅੱਜ ਵੀ ਸਿੱਖਾਂ ਨਾਲ ਬੇਇਨਸਾਫੀ ਦਾ ਦੌਰ ਜਾਰੀ ਹੈ। ਕਦੀ ਪੰਜਾਬ ਯੂਨੀਵਰਸਿਟੀ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਬੰਦੀ ਸਿੰਘ ਅਤੇ ਚੰਡੀਗੜ੍ਹ ਆਦਿ ਦੇ ਮਸਲੇ ਜਾਣਬੁਝ ਕੇ ਉਲਝਾਏ ਜਾਂਦੇ ਹਨ ਅਤੇ ਕਦੀ ਦੇਸ਼ ਅੰਦਰ ਸਿੱਖਾਂ ’ਤੇ ਨਸਲੀ ਹਮਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਦੇਸ਼ ਲਈ ਕੁਰਬਾਨੀਆਂ ਸਰਕਾਰਾਂ ਨੂੰ ਕਦੇ ਨਹੀਂ ਭੁਲਣੀਆਂ ਚਾਹੀਦੀਆਂ ਅਤੇ ਉਨ੍ਹਾਂ ਦੇ ਹੱਕਾਂ ਦੀ ਤਰਜ਼ਮਾਨੀ ਕਰਨੀ ਚਾਹੀਦੀ ਹੈ।

Check Also

ਹੁਣ ਵਿਧਾਇਕਾਂ ਨੂੰ ਮਿਲੇਗੀ ਇੱਕ ਪੈਨਸ਼ਨ, ਰਾਜਪਾਲ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ: ਪੰਜਾਬ ’ਚ ਹੁਣ ਸਾਬਕਾ ਵਿਧਾਇਕਾਂ ਨੂੰ ਇੱਕ ਪੈਨਸ਼ਨ ਮਿਲੇਗੀ। ਇਸੇ ਦੇ ਚੱਲਦੇ ਪੰਜਾਬ ’ਚ …

Leave a Reply

Your email address will not be published.